ਇੰਡੀਆ ਨੂੰ ਵਾਰ-ਵਾਰ ਮਲੇਰੀਆ ਕਿਉਂ ਹੁੰਦਾ ਹੈ???

 



 

ਫਿਲਮ ‘ਲਾਲ ਸਿੰਘ ਚੱਢਾ’ ਵਿਚ ਇਕ ਿਕਰਾ ਇਕ ਕਮਅਕਲ ਬੱਚਾ (slow Learner) ਬੋਲਦਾ ਹੈ ਕਿ ਇੰਡੀਆ ਨੂੰ ਕਈ ਵਾਰ ਮਲੇਰੀਆ ਬੁਖਾਰ ਹੋ ਜਾਂਦਾ ਹੈ ਕਿਉਂਕਿ ਉਸ ਦੀ ਮਾਂ ਉਸ ਨੂੰ ਵਾਰ ਵਾਰ ਕਹਿੰਦੀ ਹੈ ਕਿ, ਬੇਟਾ ਇਕ ਹਫ਼ਤਾ ਬਾਹਰ ਨਹੀਂ ਨਿਕਲਣਾ, ਮਲੇਰੀਆ ਫੈਲਿਆ ਹੋਇਆ ਹੈ। ਕੀ ਇਹ ਵਾਰ-ਵਾਰ ਮਲੇਰੀਆ ਫੈਲਣਾ ਇੰਡੀਆ ਦੀ ਹੋਣੀ ਬਣ ਚੁੱਕਾ ਹੈ?

ਫਿਲਮ ਲਾਲ ਸਿੰਘ ਚੱਢਾ 1984 ਦੇ ਬਲਿਊ ਸਟਾਰ ਆਪਰੇਸ਼ਨ ਤੋਂ ਸ਼ੁਰੂ ਹੋ ਕੇ, ਇੰਦਰਾ ਗਾਂਧੀ ਦੇ ਕਤਲ, ਦਿੱਲੀ ਵਿਚ ਸਿੱਖਾਂ ਦੀ ਨਸਲਕੁਸ਼ੀ ਰਾਹੀਂ ਹੁੰਦੀ ਹੋਈ ਬਾਬਰੀ ਮਸਜ਼ਿਦ ਨੂੰ ਰਾਮ ਭਗਤਾਂ ਦੁਆਰਾ ਦਿਨ ਦਿਹਾੜੇ ਢਾਹੁਣ, ਮੁੰਬਈ ਦੰਗਿਆਂ ਦੀ ਦਿਲ ਦਹਿਲਾਊ ਘਟਨਾ ਅਤੇ ਕਾਰਗਿਲ ਯੁੱਧ ਦੇ  ਦ੍ਰਿਸ਼ਾਂ ਨੂੰ ਨਾਲ ਨਾਲ ਤੋਰਦੀ ਹੈ। ਇਹ ਸਾਰੇ ਦ੍ਰਿਸ਼ ਸਿੱਧ ਕਰਦੇ ਹਨ ਕਿ ਕਿਸੇ ਇਕ ਪਾਰਟੀ ਜਾਂ ਧਰਮ ਵਿਚ ਹੀ ‘ਮਲੇਰੀਆ’ ਦੇ ਵਾਇਰਸ ਨਹੀਂ ਹਨ, ਬਲਕਿ ਸੱਤਾ ਤੇ ਕਾਬਜ਼ ਹਰ ਪਾਰਟੀ ਧਰਮ ਦੀ ਆੜ ਵਿਚ ਇਹ ‘ਮਲੇਰੀਆ’ ਫੈਲਾਉਂਦੀ ਹੈ।

ਫਿਲਮ ਵਿਚ ਲਾਲ ਸਿੰਘ ਇਕ ਮੰਦਬੁੱਧੀ ਬੱਚਾ ਹੈ, ਜੋ ਵਾਰ ਵਾਰ ਤਿਰਸ਼ਕਾਰ ਦਾ ਸ਼ਿਕਾਰ ਹੁੰਦਾ ਹੈ। ਸੁਆਲ ਇਹ ਨਹੀਂ ਕਿ ਇਕ ਮੰਦਬੁੱਧੀ ਬੱਚਾ ਸਮਾਜ ਦੇ ਹਾਣ ਦਾ ਕਦ ਹੋਵੇਗਾ, ਬਲਕਿ ਫਿਲਮ ਇਹ ਸੁਆਲ ਬਹੁਤ ਸ਼ਿੱਦਤ ਨਾਲ ਉਭਾਰਦੀ ਹੈ ਕਿ ਸਾਡਾ ਸਮਾਜ ਹੀਣਿਆਂ/ਕਮਜ਼ੋਰਾਂ ਅਤੇ ਕਮਅਕਲਾਂ ਦੇ ਹਾਣ ਦਾ ਕਦ ਹੋਵੇਗਾ?

           ਇਹ ਫਿਲਮ ‘ਮੁੱਖਧਾਰਾ ਦੀ ਮਾਨਸਿਕਤਾ’ ਦੇ ‘ਸਿਆਣੇ ਹੋਣ ਦੇ ਭਰਮ’ (superiority complex) ਤੇ ਸੁਆਲ ਖੜਾ ਕਰਦੀ ਹੈ। ਇਹ ‘ਮੁੱਖਧਾਰਾ’ ਦਾ ਮਾਈਂਡਸੈਟ ਚੀਜ਼ਾਂ ਨੂੰ ਇਕ ਖਾਸ ਨਜ਼ਰੀਏ ਤੋਂ ਦੇਖਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਉਰ੍ਹਾਂ-ਪਰ੍ਹਾਂ ਕੀ ਹੈ? ਇਸ ਨੂੰ ਜਾਂ ਤਾਂ ਉਹ ਦੇਖਦਾ ਹੀ ਨਹੀਂ, ਜਾਂ ਫਿਰ ਉਸ ਦਾ ਮਜ਼ਾਕ ਉਡਾਉਂਦਾ ਹੈ। ਇਸੇ ਲਈ ਸਾਡੇ ਲਈ ਕਾਲਾ ‘ਕਾਲੂ’ ਬਣ ਜਾਂਦਾ ਹੈ, ਪਰ ਗੋਰਾ ਗੋਰੂ ਨਹੀਂ ਬਣਦਾ। ਨਿ-ਕੱਦਾ/ ਅਣਦਾੜ੍ਹੀਆ/ਖੋਜਾ/ਅੰਨ੍ਹਾ/ਲੰਗੜਾ/ਕਾਣਾ/ਗੂੰਗਾ/ਬੋਲਾ/ਮੰਦਬੁੱਧੀ/ਕਿੰਨਰ/ਸਮਲਿੰਗੀ/ਟਰਾਂਸਜੈਂਡਰ ਬੰਦਾ ਕਦੇ ਵੀ ਸਹਿਯੋਗ ਦਾ ਪਾਤਰ ਨਹੀਂ ਬਣਦਾ, ਬਲਕਿ ਮਜ਼ਾਕ ਦਾ ਪਾਤਰ ਬਣਦਾ ਹੈ ਜਾਂ ਤਰਸ ਦਾ ਪਾਤਰ ਬਣਦਾ ਹੈ।

ਪਾਦਰੀ ਦੁਆਰਾ ਬੱਚੇ ਨੂੰ ਦਾਖਲ ਕਰਨ ਤੋਂ ਕੀਤੀ ਨਾਂਹ ਤੋਂ ਲੈ ਕੇ, ਸਾਈਕਲ ਵਾਲੇ ਬੱਚਿਆਂ ਦੁਆਰਾ ਪੱਥਰ ਮਾਰਨ ਤਕ, ਫਿਰ ਕੁਝ ਸ਼ਰਾਰਤੀ ਨੌਜੁਆਨਾਂ ਦੁਆਰਾ ਕੁੱਟਣ-ਮਾਰਨ ਤਕ, ਮਿਲਟਰੀ ਵਿਚ ਭਰਤੀ ਹੋਣ ਅਤੇ ਉਸ ਤੋਂ ਬਾਅਦ ਦੀ ਸਰਵਿਸ ਤਕ ਅਤੇ ਟਰੇਨ ਵਿਚ ਯਾਤਰਾ ਕਰਨ ਸਮੇਂ ਬਾਕੀ ਸਵਾਰੀਆਂ ਦੇ ਹੱਸਣ ਤਕ ਸਾਡੇ ਸਾਰੇ ਸਮਾਜ ਦਾ ਨਜ਼ਰੀਆ ਇਹ ‘ਕੁਦਰਤ ਦੁਆਰਾ ਸਿਰਜੀ ਘਟਗਿਣਤੀ’ ਪ੍ਰਤੀ ਐਬਨਾਰਮਲ ਹੁੰਦਾ ਹੈ। ਫਿਲਮ ਦਾ ਸੁਆਲ ਇਹ ਹੈ ਕਿ ਫਿਰ ਲਾਲ ਸਿੰਘ ਐਬਨਾਰਮਲ ਬੱਚਾ ਹੋਇਆ ਕਿ ਅਸੀਂ? ਇਹ ਸੁਆਲ ਮਾਸੂਮੀਅਤ ਬਨਾਮ ਦਰਿੰਦਗੀ ਦਾ ਵੀ ਹੈ। ਲਾਲ ਸਿੰਘ ਵਰਗੇ ਮਾਸੂਮ ਲੋਕ ਸਮਾਜ ਵਿਚ ਰਹਿੰਦਿਆਂ ਮੁਖਧਾਰਾ ਦੀ ਦਰਿੰਦਗੀ ਅਤੇ ਅਸੰਵੇਦਨਸ਼ੀਲਤਾ ਦਾ ਸ਼ਿਕਾਰ ਹੁੰਦੇ ਹਨ ਅਤੇ ਅਸੀਂ ਹੱਸ-ਹੱਸ ਅਜਿਹਾ ਸਭ ਕੁਝ ਕਰਦੇ ਹਾਂ ਜਾਂ ਬਰਦਾਸਤ ਕਰਦੇ ਹਾਂ।

ਇਸ ਲਈ ‘ਭਾਗ ਲਾਲ ਭਾਗ’ ਇਕੱਲੇ ਲਾਲ ਸਿੰਘ ਚੱਢਾ ਦਾ ਸਥਾਈ ਟੈਗ ਨਹੀਂ ਬਣਦਾ, ਸਾਡੇ ਸਮਾਜ ਦੇ ਮੁੱਖਧਾਰਾ ਤੋਂ ਹਟ ਕੇ ਵਿਚਰਨ ਵਾਲੇ ਸਾਰੇ ਲੋਕਾਂ ਦਾ ਟੈਗ ਬਣ ਜਾਂਦਾ ਹੈ। ਲਾਲ ਸਿੰਘ ਸਾਰੀ ਫਿਲਮ ਵਿਚ ਦੌੜਦਾ ਹੈ। ਉਸ ਦੇ ਦੌੜਨ ਦੇ ਕਾਰਨ ਸਾਨੂੰ ਵੱਖ-ਵੱਖ ਲਗਦੇ ਹਨ, ਪਰ ਡੂੰਘਾਈ ਨਾਲ ਦੇਖੀਏ ਤਾਂ ਕਾਰਨ ਇੱਕੋ ਹੈ। ਉਹ ਹੈ ਅਜਿਹੇ ਬੰਦਿਆਂ ਪ੍ਰਤੀ ਸਾਡੀ ਲਾਪਰਵਾਹੀ, ਬੇਪਰਵਾਹੀ ਜਾਂ ਤੰਗ ਕਰਨ ਵਾਲਾ ਨਜ਼ਰੀਆ।
ਇਹ ਫਿਲਮ ਅਸਲ ਵਿਚ
ਫੋਰੈਸਟ ਗੰਪ’ (Forrest Gump) ਦਾ ਰੀਮੇਕ ਹੈ। 1994 ਵਿਚ ਬਣੀ ਇਹ ਹਾਲੀਵੁਡ ਮੂਵੀ ਆਸ਼ਕਰ ਐਵਾਰਡ ਦੇ 13 ਵਰਗਾਂ ਵਿਚ ਨਾਮਜ਼ਦ ਹੋਈ ਸੀ ਅਤੇ 6 ਆਸ਼ਕਰ ਐਵਾਰਡ ਇਸ ਦੇ ਹਿੱਸੇ ਆਏ ਸਨ। ਉਸ ਫਿਲਮ ਵਿਚ ਵਿਸ਼ਵ ਪ੍ਰਸਿੱਧ ਅਦਾਕਾਰ ਟੌਮ ਹੈਂਕਸ (Tom Hanks) ਲੀਡ ਰੋਲ ਵਿਚ ਸੀ ਅਤੇ ਇਸ ਫਿਲਮ ਵਿਚ ਆਮਿਰ ਖਾਨ ਲੀਡਿੰਗ ਰੋਲ ਵਿਚ ਹੈ।



ਇਸ ਫਿਲਮ ਬਣਨ ਤੋਂ ਪਹਿਲਾਂ ਹੀ ਵਿਵਾਦਾਂ ਦਾ ਸ਼ਿਕਾਰ ਹੋ ਗਈ।

ਕਾਰਨ?

ਮਲੇਰੀਆ...!!!

ਵਰਤਮਾਨ ਸੱਤਾ ਅਤੇ ਇਸ ਦੇ ਸੱਤਾ ਭਗਤਾਂ ਵਿਚ ਮਲੇਰੀਆ ਦਾ ਬਹੁਤ ਸਟਰੌਂਗ ਵਾਇਰਸ ਹੈ, ਜਿਸ ਨੂੰ ਉਹ ਆਪਣੀ ਕੋਝੀ ਨੀਤ ਤਹਿਤ ਭਾਰਤ ਦੀ ਵੱਡੀ ਬਹੁਗਿਣਤੀ ਵਿਚ ਇੰਜੈਕਟ ਕਰਨਾ ਚਾਹੁੰਦੇ ਹਨ। ਇਸ ਲਈ ਇਹ ਲੜਾਈ ‘ਰਕਸ਼ਾਬੰਧਨ ਬਨਾਮ ਲਾਲ ਸਿੰਘ ਚੱਢਾ’ ਅਤੇ ‘ਕੁਮਾਰ ਬਨਾਮ ਖਾਨ’ (ਅਕਸੈ ਕੁਮਾਰ ਅਤੇ ਆਮਿਰ ਖਾਨ’ ਬਣਾ ਦਿੱਤੀ ਜਾਂਦੀ ਹੈ। ਜਿਹੜੀ ਫਿਲਮ ਬਾਬਰੀ ਮਸਜਿਦ ਢਾਹੁਣ ਦੇ ਦ੍ਰਿਸ਼ ਨੂੰ ਦਿਖਾਉਂਦੀ ਹੈ, ਉਹ ਭਗਤਾਂ ਨੂੰ ਕਿਵੇਂ ਪਸੰਦ ਆ ਸਕਦੀ ਹੈ? ਪਰ ਗੱਲ ਸਿਰਫ਼ ਇਹੀ ਨਹੀਂ, ਹੋਰ ਪਿੱਛੇ ਤਕ ਜਾਂਦੀ ਹੈ।

ਅਕੇ ਜੀ ਆਮਿਰ ਖਾਨ ਨੇ ਪੀ ਕੇ ਫਿਲਮ ਵਿਚ ਹਿੰਦੂ ਦੇਵਤਿਆਂ ਦੀ ਬੇਇਜ਼ਤੀ ਕੀਤੀ ਹੈ।’

ਇਸ ਗੱਲ ਵਿਚ ਕੋਈ ਸਚਾਈ ਨਹੀਂ ਹੈ। ਜੇਕਰ ਫਿਲਮ ਦੇ ਸੰਦਰਭ ਵਿਚ ਦੇਖੀਏ ਤਾਂ ਇਕ ਏਲੀਅਨ ਕਿਸੇ ਹੋਰ ਗ੍ਰਹਿ ਤੋਂ ਧਰਤੀ ਤੇ ਆਇਆ ਹੈ। ਉਸ ਦਾ ਸਮਝ ਵਾਲਾ ਯੰਤਰ ਗੁਆਚ ਗਿਆ ਹੈ। ਉਹ ਹਰ ਚੀਜ਼ ਬਾਰੇ ਆਪਣੇ ਅੰਦਾਜ਼ੇ ਨਾਲ ਰੀਐਕਟ ਕਰ ਰਿਹਾ ਹੈ। ਉਹ ਬੇਇਜ਼ਤੀ ਨਹੀਂ ਕਰ ਰਿਹਾ, ਆਪਣੀ ਨਾਸਮਝੀ ਵਿੱਚੋਂ ਆਪਣੀ ਸਮਝ ਰਾਹੀਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਉਹ ਸਮਝ ਨਹੀਂ ਸਕਦਾ ਤਾਂ ਫਿਰ ਉਸ ਦਾ ਕੀ ਕਸੂਰ। ਸਾਰੀ ਫਿਲਮ ਵਿਚ ਉਸ ਏਲੀਅਨ ਦੀ ਆਪਣੀ ਹੋਂਦ ਬਚਾਉਣ ਲਈ ਕੀਤੇ ਯਤਨਾਂ ਅਤੇ ਇਸ ਵਿੱਚੋਂ ਪੈਦਾ ਹੋਏ ਡਰ, ਚਿੰਤਾਵਾਂ, ਜਜ਼ਬਿਆਂ ਅਤੇ ਨਾਸਮਝੀਆਂ ਦੀ ਕਹਾਣੀ ਹੈ, ਇਸ ਦਾ ਕਿਸੇ ਧਰਮ ਨਾਲ ਕੋਈ ਸਬੰਧ ਹੀ ਨਹੀਂ।

ਇਸ ਤੋਂ ਵੀ ਅਗਲੀ ਗੱਲ..ਜੇਕਰ ਪੀ ਕੇ ਕਹਾਣੀ ਦਾ ਮੁੱਖ ਪਾਤਰ ਧਰਮ ਦੀ ਬੇਇਜ਼ਤੀ ਕਰਦਾ ਹੈ ਤਾਂ ਇਹ ਕੇਸ ਅਤੇ ਬਾਈਕਾਟ ਤਾਂ ਫਿਲਮ ਦੀ ਕਥਾ ਦੇ ਲੇਖਕ ਰਾਜ ਕੁਮਾਰ ਹਿਰਾਨੀ ਦੇ ਖਿਲਾਫ਼ ਕੀਤਾ ਜਾਣਾ ਬਣਦਾ ਸੀ, ਆਮਿਰ ਖਾਨ ਤਾਂ ਉਸ ਕਹਾਣੀ ਨੂੰ ਨਿਭਾਉਣਾ ਵਾਲਾ ਐਕਟਰ ਹੈ। ਐਕਟਰ ਤਾਂ ਕੋਈ ਵੀ ਹੋ ਸਕਦਾ ਹੈ।

ਪਰ ਭਗਤਾਂ ਨੂੰ ਫਿਲਮ ਤੇ ਐਤਰਾਜ ਨਹੀਂ, ਆਮਿਰ ਖਾਨ ਤੇ ਇਤਰਾਜ ਹੈ ਕਿਉਕਿ ਆਮਿਰ ਖਾਨ ਮੁਸਲਮਾਨ ਹੈ ਅਤੇ ਇਕ ਮੁਸਲਮਾਨ ਦੀ ਫਿਲਮ ਇੰਡੀਆ ਵਿਚ ਹਿੱਟ ਹੋ ਜਾਏ..ਤੌਬਾ ਤੌਬਾ..ਇਹ ਭਗਤ ਜਨ ਕਿਵੇਂ ਬਰਦਾਸਤ ਕਰ ਸਕਦੇ ਹਨ?

ਅਗਲਾ ਇਲਜ਼ਾਮ : ਅਕੇ ਜੀ ਆਮਿਰ ਖਾਨ ਨੇ ਕਿਹਾ ਸੀ ਕਿ ਭਾਰਤ ਵਿਚ ਅਸਹਿਣਸ਼ੀਲਤਾ ਵਧ ਰਹੀ ਹੈ ਤੇ ਇਸ ਦੀ ਘਰਵਾਲੀ ਨੇ ਕਿਹਾ ਸੀ ਕਿ ਹੁਣ ਤਾਂ ਇਥੇ ਰਹਿੰਦਿਆਂ ਡਰ ਲਗਦਾ ਹੈ। ਇਹਦਾ ਮਤਲਬ ਜੇਕਰ ਕੋਈ ਬੰਦਾ ਪ੍ਰਗਟਾਵੇ ਦੀ ਆਜ਼ਾਦੀ ਦੇ ਤਹਿਤ ਕਿਸੇ ਵਰਤਾਰੇ ਪ੍ਰਤੀ ਆਪਣੇ ਵਿਚਾਰ ਪ੍ਰਗਟਾਉਂਦਾ ਹੈ, ਤਾਂ ਤੁਸੀਂ ਉਸ ਦਾ ਬਾਈਕਾਟ ਦਾ ਸੱਦਾ ਦਿਓਗੇ ਅਤੇ ਟਵਿਟਰ ਤੇ ਇਹ ਟਵੀਟ ਚਲਾਓਗੇ : #BoycottLaalSinghChaddha? ਹੀ ਹੁੰਦਾ ਹੈ ਤਕੜੇ ਦਾ ਸੱਤੀਂ ਵੀਹੀਂ ਸੌ।



ਫਿਲਮ ਬੁਨਿਆਦੀ ਰੂਪ ਵਿਚ ਮਨੋਰੰਜਨ ਦਾ ਮਾਧਿਅਮ ਹੈ। ਲਾਲ ਸਿੰਘ ਚੱਢਾ ਵੀ ਕੋਈ ਆਰਟ ਫਿਲਮ ਨਹੀਂ ਹੈ ਅਤੇ ਨਾ ਹੀ ਇਹ ਸਮਨਾਂਤਰ ਸਿਨੇਮਾ ਦੇ ਪਲੇਟਫਾਰਮ ਤੋਂ ਬਣੀ ਹੈ। ਇਹ ਵਪਾਰਕ ਹਿੱਤਾਂ ਨਾਲ ਬਣੀ ਮਕਸਦ ਭਰਪੂਰ ਫਿਲਮ ਹੈ, ਜੋ ਲੋਕਾਂ ਦਾ ਮਨੋਰੰਜਨ ਕਰਕੇ ਪੈਸਾ ਕਮਾਉਣ ਦੇ ਨਾਲ ਦਰਸ਼ਕ ਦੇ ਜ਼ਿਹਨ ਤਕ ਕਈ ਸੁਆਲ ਉਤਾਰਨ ਤਕ ਕਾਮਯਾਬ ਹੋਈ ਹੈ। ਆਮਿਰ ਖਾਨ ਇਸ ਮਾਮਲੇ ਵਿਚ ਸੁਪਰਮੈਨ ਹੈ। ਇਸ ਫਿਲਮ ਦੇ ਇਸੇ ਵਪਾਰਕ ਨਜ਼ਰੀਏ ਤੋ  ਇਹ ਫਿਲਮ ਕਈ ਕੁਝ ਅਜਿਹਾ ਕਰਦੀ ਹੈ ਜੋ ਬਦਹਜ਼ਮੀ ਕਰਦਾ ਹੈ।

ਫਿਲਮ ਆਪਣੀ ਸਕਰਿਪਟ ਰਾਹੀਂ ਮਾਸੂਮੀਅਤ ਬਨਾਮ ਦਰਿੰਦਗੀ ਦਾ ਸੰਕਲਪ ਉਭਾਰਦੀ ਹੈ, ਪਰ ਦੋ ਥਾਵਾਂ ਤੇ ਆਪ ਹੀ ਇਸ ਸੰਕਲਪ ਨੂੰ ਤੋੜ ਦਿੰਦੀ ਹੈ। ਮਾਸੂਮੀਅਤ ਦੀ ਪ੍ਰਤੀਨਿਧਤਾ ਕਰਨ ਵਾਲਾ ਲਾਲ ਸਿੰਘ ਮਿਲਟਰੀ ਵਿਚ ਭਰਤੀ ਕਿਵੇਂ ਹੋਇਆ? ਮੰਨ ਲਿਆ ਭਰਤੀ ਹੋ ਗਿਆ। ਕਾਰਗਿਲ ਯੁੱਧ ਦੇ ਦੌਰਾਨ ਵਿਰੋਧੀ ਦੇਸ਼ ਦੇ ਕਮਾਂਡਰ ਨੂੰ ਬਚਾਉਣ ਦੇ ਬਾਵਜ਼ੂਦ ਉਸ ਨੂੰ ਵੀਰ ਚੱਕਰ ਪੁਰਸਕਾਰ ਦੇ ਦਿੱਤਾ ਗਿਆ ਤੇ ਉਸ ਦੇ ਉਸ ਕਮਾਂਡਰ ਨੂੰ ਬਚਾਉਣ ਦੀ ਘਟਨਾ ਦਾ ਨੋਟਿਸ ਤਕ ਨਹੀਂ ਲਿਆ ਗਿਆ। ਉਹ ਕਮਾਂਡਰ ਬਾਅਦ ਵਿਚ ਅਰਾਮ ਨਾਲ ਦੇਸ਼ ਵਿਚ ਘੁੰਮ ਵੀ ਰਿਹਾ ਹੈ। ਸੱਤਾ ਕਦੇ ਵੀ ਇੰਝ ਬਰਦਾਸਤ ਨਹੀਂ ਕਰਦੀ, ਉਹਨਾਂ ਲਈ ਇਹ ਇਕ ਬਹੁਤ ਵੱਡਾ ਮੁੱਦਾ ਹੁੰਦਾ ਹੈ। ਦੂਜਾ ਗ਼ੈਰ ਯਥਾਰਥਕ ਮੋੜ ਉਦੋਂ ਆਉਂਦਾ ਹੈ, ਜਦ ਇਕ ਮੰਦਬੁੱਧੀ ਬੱਚਾ ਰੂਪਾ ਨਾਂ ਦੀ ਕੰਪਨੀ ਨੂੰ ਕਾਮਯਾਬ ਕਰਕੇ ਵੱਡੀ ਫਰਮ ਬਣਾ ਲੈਂਦਾ ਹੈ।

ਇਕ ਸਵਾਲ ਹੋਰ...ਲਾਲ ਸਿੰਘ ਦੌੜ ਰਿਹਾ ਹੈ..ਦੌੜ ਰਿਹਾ ਹੈ...ਇਹ ਦੌੜ ਉਸ ਨੂੰ ਦੌੜਾਕ ਬਣਾ ਦਿੰਦੀ ਹੈ.. ਫੁਟਬਾਲਰ ਬਣਾ ਦਿੰਦੀ ਹੈ..ਇਹ ਦੌੜ ਉਸ ਨੂੰ ਮਿਲਟਰੀ ਤਕ ਲੈ ਜਾਂਦੀ ਹੈ...ਇਹ ਦੌੜ ਉਸ ਨੂੰ ਦੋ ਵਾਰ ਗੁੰਡਿਆਂ ਤੋਂ ਬਚਾਉਂਦੀ ਹੈ, ਇਹ ਦੌੜ ਉਸ ਨੂੰ ਰੂਪਾ ਨੂੰ ਮਿਲਾਉਂਦੀ ਹੈ..ਪਰ ਇਹ ਦੌੜ ਉਸ ਨੂੰ ਕਿਤੇ ਰੁਕਣ ਨਹੀਂ ਦਿੰਦੀ..ਜਦ ਕਿ ਦੌੜਨਾ ਸਾਧਨ ਤਾਂ ਹੁੰਦਾ ਹੈ, ਮੰਜਿਲ ਨਹੀਂ ਹੁੰਦਾ।

‘ਕਦੇ ਕਦੇ ਚਮਤਕਾਰ ਵੀ ਹੋਂਦੇ ਨੇ’ ਦੇ ਅਧਾਰ ਤੇ ਵੀ ਇਸ ਫਿਲਮ ਦੀ ਆਲੋਚਨਾ ਹੋਈ ਹੈ, ਪਰ ਇਹ ਸਮਝਣਾ ਪਏਗਾ ਕਿ ਇਹ ਇਕ ਕਮਅਕਲ ਬੱਚੇ ਦੀ ਸਟੇਟਮੈਂਟ ਹੈ..

ਅਖੀਰ ਤੇ ਦੋ ਗੱਲਾਂ :

ਫਿਲਮ ਦਾ ਬਾਈਕਾਟ ਹੋਇਆ..ਹੋ ਸਕਦਾ ਫਿਲਮ ਘੱਟ ਬਿਜਨਸ ਕਰੇ.. ਪਰ ਪਹਿਲੇ ਦੋ ਦਿਨਾਂ ਦਾ ਰਿਕਾਰਡ ਦਸਦਾ ਹੈ ਕਿ ਇਸ ਨੇ ਅਕਸੈ ਕੁਮਾਰ ਦੀ ਫਿਲਮ ਰਕਸ਼ਾਬੰਧਨ ਤੋਂ ਵੱਧ ਬਿਜਨਸ ਕੀਤਾ ਹੈ। ਅਕਸੈ ਕੁਮਾਰ ਜਿਹੜਾ ਕਿਸਾਨ ਸੰਘਰਸ਼ ਵੇਲੇ ਸੱਤਾ ਭਗਤ ਅਤੇ ਦੇਸ਼ ਭਗਤੀ ਦਾ ਬਰੈਂਡ ਅੰਬੈਸਡਰ ਬਣਿਆ। ਚਲੋ ਇਹ ਉਸ ਦੀ ਆਪਣੀ ਆਜ਼ਾਦੀ ਹੈ।  ਪਰ ਸਮਝਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਫਿਲਮ ਆਮਿਰ ਖਾਨ ਦੀਆਂ ਪਹਿਲੀਆਂ ਫਿਲਮਾਂ ਜਿੰਨਾ ਬਿਜਨਸ ਨਾ ਵੀ ਕਰ ਸਕੀ, ਤਾਂ ਇਸ ਦਾ ਕਾਰਨ ਭਗਤ ਨਹੀ। ਜੇਕਰ ਇਸ ਦਾ ਕਾਰਨ ‘ਭਗਤ ਹੁੰਦੇ ਤਾਂ ਰਕਸ਼ਾਬੰਧਨ ਦੀ ਭਗਤਾਂ ਦੁਆਰਾ ਰਕਸ਼ਾ ਹੋਣ ਦੇ ਬਾਵਜ਼ੂਦ ਉਹ ਇਸ ਤੋਂ ਨਾ ਪਛੜਦੀ।

ਵੈਸੇ ਵੀ ਕਿਸੇ ਫਿਲਮ ਦੀ ਸਫ਼ਲਤਾ ਦਾ ਆਧਾਰ ਹਰ ਵਾਰ ਕਮਾਈ ਨਹੀਂ ਹੁੰਦੀ..ਸੁਆਲ ਖੜ੍ਹੇ ਕਰਨਾ ਤੇ ਆਪਣੇ ਨਜ਼ਰੀਏ ਤੇ ਅੜੇ ਰਹਿਣਾ ਵੀ ਕਿਸੇ ਆਰਟ ਵੰਨਗੀ ਦੀ ਜਿੱਤ ਹੁੰਦੀ ਹੈ।

ਪੋਸਟ ਸਕ੍ਰਿਪਟ :

ਫਿਲਮ ਬਾਕਸ ਆਫਿਸ ਤੇ ਕਿੱਥੇ ਜਾਂਦੀ ਹੈ? ਇਹ ਬਾਅਦ ਦਾ ਮਸਲਾ ਹੈ, ਪਰ ਫਿਲਮ ਨੂੰ ਹਾਲੀਵੁਡ ਦੀ ਸ਼ਾਬਾਸ਼ ਮਿਲਣਾ ਵੀ ਇਕ ਨਵਾਂ ਮੀਲ ਪੱਥਰ ਹੈ :

It received a lot of love from the Hollywood media as many called his film a “superior version” of Forrest Gump.  

ਆਸਕਰ ਐਕਡਮੀ ਨੇ ਇਸ ਫਿਲਮ ਨੂੰ ਆਪਣੇ ਇਕ ਟਵੀਟ ਰਾਹੀਂ ਸਵੀਕਾਰਿਆ ਹੈ ਅਤੇ ਇਹ ਕਹਿੰਦਿਆਂ ਸ਼ਾਬਾਸ਼ ਦਿੱਤੀ ਹੈ ਕਿ :

Forrest Gump .... Laal Singh Chaddha

Robert Zemeckis and Eric Roth’s sweeping story of a man who changes the world with kindness receives a faithful Indian adaptation in Advait Chandan and Atul Kulkarni’s ‘Laal Singh Chaddha’ feat. Aamir Khan in the role made famous by Tom Hanks.

 


ਫਿਲਮ ਦੀਆਂ ਆਪਣੀ ਸੀਮਾਵਾਂ ਹਨ। ਇਸ ਦੇ ਬਾਵਜ਼ੂਦ ਫਿਲਮ ਆਪਣੀ ਗੱਲ ਕਹਿਣ ਵਿਚ ਸਫ਼ਲ ਹੋਈ ਹੈ ਅਤੇ ਆਮਿਰ ਖਾਨ ਨੇ ਸੱਤਾ ਦੇ ਸਾਮ੍ਹਣੇ ਅੜੇ ਰਹਿਣ ਤੇ ਖੜੇ ਰਹਿਣ ਦਾ ਜੇਰਾ ਕੀਤਾ ਹੈ, ਇਸ ਜੇਰੇ ਨੂੰ ਸਲਾਮ...

ਮੋਨਾ ਸਿੰਘ ਦੀ ਅਦਾਕਾਰੀ ਨੂੰ ਸਲਾਮ !

ਇਸ ਲਈ ਆਓ ਫਿਲਮ ਦੇਖੀਏ ਅਤੇ ਮਲੇਰੀਏ ਦੇ ਵਾਇਰਸਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੀਏ।

ਕੁਲਦੀਪ ਸਿੰਘ ਦੀਪ (ਡਾ.)

9876820600

 



 

 

Comments

Post a Comment