ਬਾਪ...
ਕੁਲਦੀਪ ਸਿੰਘ ਦੀਪ
(ਡਾ.)
ਮੰਨਿਆਂ
ਮਾਂ
ਬਹੁਤ ਮਹਾਨ ਹੁੰਦੀ ਹੈ
ਪਰ ਬਾਪ
ਕਿਉਂ ਸਿਰਫ਼ ' ਵਿਚਾਰਾ' ਹੁੰਦਾ ਹੈ...
ਕਬੀਲਦਾਰੀ ਦੇ ਬੋਝ ਥੱਲੇ ਦਬਿਆ
ਧਰਤੀ ਹੇਠਲਾ ਬਲ਼ਦ...
ਹਰ ਪ੍ਰਕਾਰ ਦੀ ਸੰਵੇਦਨਾ ਤੋਂ ਪਰ੍ਹੇ
ਨਿਰੋਲ 'ਸੰਵੇਦਨਹੀਨ'
ਜੋ ਨਾ ਕਿਸੇ ਸ਼ਾਇਰ ਨੂੰ ਚੰਗਾ ਲਗਦਾ ਹੈ
ਨਾ ਫਨਕਾਰ ਨੂੰ
ਨਾ ਚਿਤਰਕਾਰ ਨੂੰ
ਤੇ ਨਾ ਕਿਸੇ ਫਿਲਾਸਫਰ ਨੂੰ...
ਇੱਥੋਂ ਤੱਕ ਕਿ
ਕਿਸੇ ਬਾਪ ਨੂੰ ਵੀ ਨਹੀਂ....
ਕਿਸੇ ਬਾਪ ਨੇ ਅੱਜ ਤੱਕ
'ਬਾਪ' ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ...
ਬਾਪ ਦਾ ਨਾਂ ਤਾਂ
ਸਿਰਫ ਕਾਗਜ਼ਾਂ ਵਿਚ ਹੀ ਮੂਹਰੇ ਆਉਂਦਾ ਹੈ
ਕਵਿਤਾਵਾਂ ਵਿਚ ਤਾਂ ਮਾਂ ਹੀ ਮਾਂ ਹੁੰਦੀ ਹੈ....
ਉਂਝ ਸਮਝ ਨਹੀਂ ਆਉਂਦੀ
ਕਿਉਂ ਬਾਪ ਨਹੀਂ ਹਿੱਸਾ ਬਣ ਸਕਿਆ
ਸਾਡੀ ਸੰਵੇਦਨਾ ਦਾ...
ਇਹ ਵੀ ਤਾਂ ਜੰਮਦਾ ਹੈ ਧੀਆਂ ਪੁੱਤ
ਉਹਨਾਂ ਨੂੰ ਪਿਆਰ ਕਰਦਾ ਹੈ
ਉਹਨਾਂ ਬਾਰੇ ਸੋਚਦਾ ਹੈ
ਉਹਨਾਂ ਬਾਰੇ ਲੋਚਦਾ ਹੈ
ਅਤੇ ਚਾਹੁੰਦਾ ਹੈ
ਆਪਣੀ ਮਾਂ ਨੂੰ ਵੀ
ਅਤੇ ਆਪਣੇ ਬੱਚਿਆਂ ਦੀ ਮਾਂ ਨੂੰ ਵੀ...
ਉਹ ਵੀ ਕਰਦਾ ਹੈ ਸਿਰਜਣਾ
ਸੁਪਨਿਆਂ ਦੀ
ਚਿਤਰਦਾ ਹੈ
ਆਪਣੀਆਂ ਰਗਾਂ ਵਿਚ ਵਹਿੰਦੇ ਖੂਨ ਨਾਲ
ਪਰਵਾਰ ਦਾ ਭਵਿੱਖ
ਬਲ਼ਦਾ ਹੈ ਸ਼ੋਅਲੇ ਵਾਂਗ
ਧੁਖਦਾ ਹੈ ਕੋਲੇ ਵਾਂਗ
ਹਰ ਕਿਤੇ
ਮਾਂ ਦੇ ਨਾਲ ਵੀ
ਮਾਂ ਤੋਂ ਬਗੈਰ ਵੀ...
ਇਹ ਬਾਪ ਹੀ ਤਾਂ ਹੁੰਦਾ ਹੈ
ਜੋ ਉਂਗਲੀ ਫੜ੍ਹਕੇ
ਤੋਰਦਾ ਹੈ ਬੱਚਿਆਂ ਨੂੰ
ਤੇ
ਛੱਡ ਕੇ ਆਉਂਦਾ ਹੈ ਜ਼ਿੰਦਗੀ ਦੇ ਸਕੂਲ ਤੱਕ
ਤੇ ਆਪ...
ਆਪ ਪਹੁੰਚ ਜਾਂਦਾ ਹੈ
ਬਿਰਧ ਆਸ਼ਰਮ ਦੀਆਂ ਬਰੂਹਾਂ ਤੱਕ...
ਬਾਪ ਅਕਸਰ
ਬਹੁਤਾ ਸਮਾਂ
ਬਾ-ਮਕਾਨ ਹੁੰਦਾ ਹੋਇਆ ਵੀ
ਬੇ ਮਕਾਨ ਰਹਿੰਦਾ ਹੈ
ਬਹਾਰ
ਹੁੰਦੇ ਵੀ ਬੇ ਅਹਾਰ ਰਹਿੰਦਾ ਹੈ
ਬਾ ਔਲਾਦ ਹੁੰਦਾ ਹੋਇਆ ਵੀ
ਬੇ ਔਲਾਦ ਰਹਿੰਦਾ ਹੈ
ਤੇ ਘਰ ਵਿਚ ਰਹਿੰਦਾ ਵੀ ਪਰਦੇਸੀ
ਹੁੰਦਾ ਹੈ
ਸਿਰਫ ਜ਼ੇਬ ਖਰਚ ਪੈਦਾ ਕਰਨ ਵਾਲੀ ਮਸ਼ੀਨ
ਅਤੇ ਡਰਾਵਾ ਦੇਣ ਵਾਲਾ ਡਰਨਾ....
ਇਹ ਬਾਪ ਹੀ ਹੁੰਦਾ ਹੈ ਜੋ
ਪਹਾੜ ਵਾਂਗ ਸੀਨਾ ਤਾਣ ਕੇ
ਮੂਹਰੇ ਹੁੰਦਾ ਹੈ
ਹਰ ਮੁਸੀਬਤ ਵਿਚ...
ਹਰ ਮੋਰਚੇ ਦਾ ਪਹਿਲਾ ਮਰਜੀਵੜਾ
ਤੇ ਪਹਿਲਾ ਸ਼ਹੀਦ
ਜਿਸ ਦੇ ਹੁੰਦੇ ਸਾਰੇ ਬੇਫਿਕਰ ਹੁੰਦੇ ਨੇ
ਘੋੜੇ ਬੇਚ ਕੇ ਸੌਂਦੇ ਹਨ...
ਤੇ ਬਾਪ ਹੀ ਢੋਂਦਾ ਹੈ
ਸਾਰੇ ਚਿੰਤਾ ਅਤੇ ਝੋਰੇ
ਤੇ ਭਿਣਕ ਵੀ ਨਹੀਂ
ਪੈਣ ਦਿੰਦਾ ਆਪਣੇ ਪਿਛਲਿਆਂ ਨੂੰ...
ਕਿੰਨਾ ਕੁਝ
ਪਲ਼ਦਾ
ਧੁਖਦਾ
ਤੜਫਦਾ
ਭਟਕਦਾ
ਰਹਿੰਦਾ ਹੈ ਬਾਪ ਦੇ ਅੰਦਰ
ਜੋ ਹੋਰ ਕਿਸੇ ਦੇ ਹਿੱਸੇ ਨਹੀਂ ਆਉਂਦਾ...
ਮਾਂ ਦੇ ਮਾਤਰਤਵ
ਜਿੰਨ੍ਹਾ ਹੀ ਮਹਾਨ ਹੈ
ਪਿਉ ਦਾ ਪਿਤਰਤਵ...
ਮਾਂ ਤੇ ਬਾਪ
ਰਲ਼ਕੇ ਹੀ ਤਾਂ ਬਣਦੇ ਹਨ ਸਿਰਜਕ
ਸੰਪੂਰਨ
ਸੁਮੇਲ
ਵਿਲੱਖਣ...
Comments
Post a Comment